97 ਸਾਲ ਦੇ ਵੰਡ ਤੋਂ ਪਹਿਲਾਂ ਦੇ ਕਰਤਾਰਪੁਰ ਸਾਹਿਬ ਦੇ ਸੇਵਾਦਾਰ ਤੇ ਲਾਂਘੇ ਦੇ ਸਫਰ ਦੇ ਹਮਸਾਏ ਬਾਪੂ ਹਰਬੰਸ ਸਿੰਘ ਘੁੰਮਣ ਹੁਣਾਂ ਨੇ ਕੰਨ ਵਿੱਚ ਸੁਣਨ ਵਾਲੀ ਮਸ਼ੀਨ ਲਾਈ ਹੈ ਅਤੇ ਦਿਲ ਵਿੱਚ ਪੇਸ ਮੇਕਰ ਪਿਆ ਹੈ। ਹਰਬੰਸ ਸਿੰਘ ਘੁੰਮਣ ਦੇ ਪੇਸਮੇਕਰ ਦਿਲ ਵਿੱਚ ਅਜੇ ਵੀ ਕਰਤਾਰਪੁਰ ਸਾਹਿਬ ਦੀਆਂ ਯਾਦਾਂ ਧੜਕਦੀਆਂ ਹਨ। ਉਹ ਆਪਣੇ ਬਚਪਨ ਦੀਆਂ ਗੱਲਾਂ ਨਿਰੰਤਰ ਸੁਣਾਉਂਦੇ ਹਨ। ਉਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ,ਅਕਾਲੀ ਲਹਿਰ, ਜੈਤੋ ਦੇ ਮੋਰਚੇ ਦੀਆਂ ਗੱਲਾਂ ਸੁਣਾਉਂਦੇ ਹਨ। ਉਹ ਵੰਡ ਦੀਆਂ ਗੱਲਾਂ ਸੁਣਾਉਂਦੇ ਹਨ ਕਿਉਂਕਿ ਉਹ ਸਾਂਝੇ ਪੰਜਾਬ ਦੇ ਗਵਾਹ ਹਨ।
ਕਰਤਾਰਪੁਰ ਸਾਹਿਬ ਦੀ ਰੂਹਾਨੀ ਧਰਤੀ :
ਬਾਪੂ ਹਰਬੰਸ ਸਿੰਘ ਘੁੰਮਣ ਦੱਸਦੇ ਹਨ ਕਿ ਕਰਤਾਰਪੁਰ ਸਾਹਿਬ ਦੀ ਉਸ ਪਾਕਿ ਬੇਹਤਰ ਧਰਤੀ ਤੇ 1947 ਦੇ ਸਾਲਾਂ ਤੋਂ ਪਹਿਲਾਂ ਅਸੀਂ ਕਦੀ ਵੀ ਨਫ਼ਰਤੀ ਗੱਲਾਂ ਨਹੀਂ ਸੁਣੀਆਂ ਸਨ। ਉਨ੍ਹਾਂ ਮੁਤਾਬਕ ਕਰਤਾਰਪੁਰ ਸਾਹਿਬ ਦਾ ਲਾਂਘਾ ਲੋਕਾਂ ਨੂੰ ਸਰਹੱਦਾਂ ਤੋਂ ਪਾਰ ਬੰਦੇ ਨੂੰ ਬੰਦਾ ਸਮਝਣ ਦੀ ਜਾਚ ਸਿਖਾਏਗਾ। ਕਰਤਾਰਪੁਰ ਸਾਹਿਬ ਦੀ ਧਰਤੀ ਗੁਰੂ ਨਾਨਕ ਦੇਵ ਜੀ ਅਤੇ ਉਨ੍ਹਾਂ ਦੇ ਵੱਡੇ ਸਿੱਖਾਂ ਦੀ ਕਮਾਈ ਦੀ ਧਰਤੀ ਹੈ । ਇੱਥੋਂ ਪੰਜਾਬੀ ਜ਼ੁਬਾਨ ਦੀ ਟਕਸਾਲ ਨਿਕਲੀ । ਇੱਥੋਂ ਸੱਤਾ ਤੇ ਬਲਵੰਡ ਨੇ ਕੀਰਤਨ ਕਰਨੇ ਸ਼ੁਰੂ ਕੀਤੇ । ਇੱਥੋਂ ਬਾਬਾ ਬੁੱਢਾ ਜੀ ਨੇ ਸਿੱਖ ਮਨ ਦੀ ਪਛਾਣ ਨੂੰ ਉੱਕਰਿਆ।
35 ਕਿਲੋਮੀਟਰ ਦਾ ਪੈਦਲ ਸਫ਼ਰ :
1922 ਵਿੱਚ ਮੇਰਾ ਜਨਮ ਹੋਇਆ। ਲਾਇਕ ਬੱਚਾ ਸਾਂ। ਬਾਬਾ ਆਇਆ ਸਿੰਘ ਰਿਆੜਕੀ ਸਕੂਲ ਤੋਂ ਪੜ੍ਹਿਆ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ 1920 ਵਿੱਚ ਬਣ ਗਈ ਸੀ ਅਤੇ ਗੁਰਦੁਆਰਾ ਐਕਟ 1925 ਲਾਗੂ ਹੋ ਗਿਆ ਸੀ। ਗੁਰਦੁਆਰਿਆਂ ਦੇ ਕਬਜ਼ੇ ਮਹੰਤਾਂ ਤੋਂ ਛੁਡਾ ਲਏ ਗਏ ਸਨ ਅਤੇ ਪੰਥ ਵਿੱਚ ਮਹਾਨ ਅਕਾਲੀ ਆਗੂਆਂ ਦੇ ਹੱਥ ਗੁਰਦੁਆਰਾ ਸਾਹਿਬ ਦਾ ਬੰਦੋਬਸਤ ਆ ਰਿਹਾ ਸੀ। ਉਨ੍ਹਾਂ ਦਿਨਾਂ ਵਿੱਚ ਮੇਰੇ ਪਿਤਾ ਸਰਦਾਰ ਲਛਮਣ ਸਿੰਘ ਗੁਰਦੁਆਰਾ ਬੁਰਜ ਸਾਹਿਬ ਪੰਜਵੇਂ ਪਾਤਸ਼ਾਹ ਧਾਰੀਵਾਲ ਦੇ ਪ੍ਰਧਾਨ ਸਨ। ਮੈਨੂੰ ਇੱਕ ਚਿੱਠੀ ਮਿਲੀ ਅਤੇ ਉਸ ਚਿੱਠੀ ਨੂੰ ਲੈ ਕੇ ਮੈਂ ਅਗਲੇ ਦਿਨ ਗੁਰਦੁਆਰਾ ਕਰਤਾਰਪੁਰ ਸਾਹਿਬ ਸੇਵਾ ਕਰਨ ਜਾ ਰਿਹਾ ਸੀ।
ਮੇਰੀਆਂ ਕਰਤਾਰਪੁਰ ਸਾਹਿਬ ਦੀਆਂ ਯਾਦਾਂ :
27 ਮਈ 1941 ਨੂੰ ਮੈਂ ਕਰਤਾਰਪੁਰ ਸਾਹਿਬ ਸ਼ਾਮ ਤੱਕ ਪਹੁੰਚਿਆ। ਮੇਰੀ ਮਾਂ ਨੇ ਮੈਨੂੰ ਸਵੱਖਤੇ ਉਠਾਇਆ ਅਤੇ ਲੜ ਰੋਟੀ ਬੰਨ੍ਹ ਕੇ ਤੋਰ ਦਿੱਤਾ। ਮੈਂ ਆਪਣੇ ਪਿੰਡ ਘੁੰਮਣ ਕਲਾਂ ਤੋਂ ਪੈਦਲ 35 ਕਿਲੋਮੀਟਰ ਦਾ ਸਫਰ ਕਰਦਿਆਂ ਕਰਤਾਰਪੁਰ ਸਾਹਿਬ ਪਹੁੰਚਿਆ। ਇੱਥੇ ਮੈਨੇਜਰ ,ਸਟੋਰ ਕੀਪਰ, ਖ਼ਜ਼ਾਨਚੀ ,ਦੋ ਸੇਵਾਦਾਰ ,ਗ੍ਰੰਥੀ ਸਿੰਘ ਅਤੇ ਉਸ ਦੇ ਨਾਲ ਇੱਕ ਸਹਾਇਕ ਸਿੰਘ ਮੌਜੂਦ ਸੀ । ਮੇਰੀ ਯਾਦ ਹੈ ਕਿ ਸਟੋਰ ਕੀਪਰ ਅਤੇ ਖ਼ਜ਼ਾਨਚੀ ਵਿੱਚੋਂ ਦੋ ਪੋਸਟਾਂ ਖਾਲੀ ਸਨ । ਮੈਂ ਕਿਹਾ ਜਿਹੜੀ ਬਹੁਤ ਹੀ ਔਖੀ ਹੈ ਉਹਦੀ ਸੇਵਾ ਮੈਨੂੰ ਦੇ ਦਿਓ। ਗੁਰਦੁਆਰਾ ਕਰਤਾਰਪੁਰ ਸਾਹਿਬ ਗੁਰੂ ਕਾ ਬਾਗ ਸੀ । ਗੁਰੂ ਸਾਹਿਬ ਦੇ ਖੇਤ ਸਨ, ਜਿੱਥੇ ਬਲਦਾਂ ਦੇ ਨਾਲ ਖੇਤੀ ਖੁਦ ਸੇਵਾਦਾਰ ਕਰਦੇ ਸਨ। ਮੈਂ ਉਦੋਂ 18-19 ਸਾਲ ਦਾ ਨੌਜਵਾਨ ਸੀ ਅਤੇ ਗੁਰੂ ਕਾ ਬਾਗ ਵਿੱਚ ਅਸੀਂ ਵਾਲੀਬਾਲ ਦਾ ਨੈੱਟ ਲਾਇਆ ਸੀ। ਕਹਿੰਦੇ ਹਨ ਕਿ ਗੁਰੂ ਨਾਨਕ ਦੇਵ ਜੀ, ਗੁਰੂ ਅੰਗਦ ਦੇਵ ਜੀ ਨੇ ਵੀ ਸਿਹਤ ਦਾ ਖ਼ਾਸ ਧਿਆਨ ਰੱਖਿਆ ਹੁੰਦਾ ਸੀ ਅਤੇ ਇੱਥੇ ਮੱਲ ਅਖਾੜੇ ਸਜਾਏ ਜਾਂਦੇ ਸਨ। ਸਾਡਾ ਵਾਲੀਬਾਲ ਖੇਡਣਾ ਕੁਝ ਉਸੇ ਤਰ੍ਹਾਂ ਸਰੀਰਕ ਤੰਦਰੁਸਤੀ ਦਾ ਹਿੱਸਾ ਸੀ ।
ਗੁੱਲੂ ਸ਼ਾਹ ਦੀ ਮੰਡੀ ਸਿਆਲਕੋਟ :
ਸੱਤ ਜੋੜੀਆਂ ਬਲਦਾਂ ਵਿੱਚੋਂ ਉਹ ਸਾਲ ਗੁਰਦੁਆਰਾ ਸਾਹਿਬ ਦੇ ਚਾਰ ਬਲਦ ਮਰ ਗਏ। ਸਿਆਲਕੋਟ ਗੁੱਲੂ ਸ਼ਾਹ ਦੀ ਮੰਡੀ ਲੱਗਦੀ ਸੀ। ਇਸ ਮੰਡੀ ਵਿੱਚ ਪੋਠੋਹਾਰ ਦੇ ਮਸ਼ਹੂਰ ਬਲਦ, ਮੁਲਤਾਨ ਮਿੰਟਗੁਮਰੀ ਦੀਆਂ ਮੱਝਾਂ, ਸਿੰਧ ਦੇ ਊਠ ਅਤੇ ਘੋੜੀਆਂ ਵਿਕਣ ਲਈ ਆਉਂਦੀਆਂ ਸਨ। ਅਸੀਂ ਚਾਰ ਬਲਦ ਜਿਨ੍ਹਾਂ ਤੋਂ ਖਰੀਦੇ ਸਨ ਉਨ੍ਹਾਂ ਵਿੱਚੋਂ ਇੱਕ ਜੋੜੀ 110 ਰੁਪਏ ਦੀ ਅਤੇ ਦੂਜੀ ਜੋੜੀ 85 ਰੁਪਏ ਦੀ ਸੀ। ਜਿਨ੍ਹਾਂ ਤੋਂ ਅਸੀਂ ਬਲਦ ਖਰੀਦੇ ਉਨ੍ਹਾਂ ਮੁਸਲਮਾਨ ਵੀਰਾਂ ਨੇ ਗੁਰੂ ਘਰ ਦੇ ਨਾਮ ਤੇ ਉੱਪਰਲੇ 10 ਅਤੇ 5 ਰੁਪਏ ਛੱਡ ਦਿੱਤੇ। ਅਸੀਂ ਉਨ੍ਹਾਂ ਦੀ ਸੇਵਾ ਨੂੰ ਗੁਰੂ ਦੀ ਗੋਲਕ ਵਿੱਚ ਪਾਕੇ ਉਨ੍ਹਾਂ ਨੂੰ ਗੁਰਦੁਆਰਾ ਕਰਤਾਰਪੁਰ ਸਾਹਿਬ ਵੱਲੋਂ ਰਸੀਦ ਦੇ ਦਿੱਤੀ।
ਆਖ਼ਰੀ ਪੈਂਡਾ ਕਰਤਾਰਪੁਰ ਸਾਹਿਬ ਨੂੰ :
ਮੈਂ ਗੁਰਦੁਆਰਾ ਕਰਤਾਰਪੁਰ ਸਾਹਿਬ 1941 ਤੋਂ ਲੈਕੇ 1943 ਤੱਕ ਸੇਵਾ ਕੀਤੀ। ਉਸ ਤੋਂ ਬਾਅਦ ਮੈਂ ਅਗਲੀ ਪੜ੍ਹਾਈ ਲਈ ਵਾਪਸ ਆ ਗਿਆ । ਵੰਡ ੧੯੪੭ ਦੇ ਵੇਲੇ ਪਹਿਲੀ ਵਾਰ ਹਾਲਾਤ ਉਹੋ ਜਿਹੇ ਨਹੀਂ ਸਨ। ਲੋਕ ਆਪਸੀ ਭਾਈਚਾਰਾ ਭੁੱਲ ਕੇ ਨਫ਼ਰਤਾਂ ਵਿੱਚ ਚਲੇ ਗਏ ਸਨ। ਮੈਂ ਆਖਰੀ ਵਾਰ ਕਰਤਾਰਪੁਰ ਸਾਹਿਬ 1947 ਵਿੱਚ ਗਿਆ। ਉਦੋਂ ਮੈਂ ਕਰਤਾਰਪੁਰ ਸਾਹਿਬ ਦੀ ਸੁਰੱਖਿਆ ਲਈ ਉੱਥੇ ਸੇਵਾਦਾਰਾਂ ਨੂੰ ਸ਼ਸਤਰ ਪਹੁੰਚਾਉਣ ਗਿਆ ਸੀ ।
ਵਿਧਾਨ ਸਭਾ ਮੈਂਬਰ ਹਰਬੰਸ ਸਿੰਘ ਘੁੰਮਣ :
ਹਰਬੰਸ ਸਿੰਘ ਘੁੰਮਣ ਦੱਸਦੇ ਹਨ ਕਿ ਜਦੋਂ ਇਸ ਦੌਰ ਦੇ ਅੰਦਰ 550 ਵੇਂ ਪ੍ਰਕਾਸ਼ ਪੁਰਬ ਮੌਕੇ ਅਕਾਲੀ ਦਲ ਅਤੇ ਕਾਂਗਰਸੀ ਆਪਸ ਚ ਵੱਖੋ ਵੱਖਰੀਆਂ ਸਟੇਜਾਂ ਬਣਾ ਰਹੇ ਹਨ ਤਾਂ ਇਹ ਵੀ ਇਤਫਾਕ ਹੈ ਕਿ ਜਿਹੜੇ ਸਾਲਾਂ ਵਿੱਚ ਮੈਂ ਐੱਮ.ਐੱਲ.ਏ. ਬਣਿਆ, ਉਦੋਂ ਮੈਂ ਕਾਂਗਰਸ ਅਕਾਲੀ ਗੱਠਜੋੜ ਦਾ ਸਾਂਝਾ ਉਮੀਦਵਾਰ ਸਾਂ। ਸਾਡੀ ਵਿਰੋਧੀ ਧਿਰ ਪਾਰਟੀ ਭਾਰਤੀ ਜਨਸੰਘ ਸੀ ਜੋ ਅੱਗੇ ਜਾ ਕੇ ਭਾਰਤੀ ਜਨਤਾ ਪਾਰਟੀ ਬਣੀ। ਜਥੇਦਾਰ ਹਰਬੰਸ ਸਿੰਘ ਘੁੰਮਣ ਤੋਂ 1957 ਲੈਕੇ 1962 ਤੱਕ ਮਾਝੇ ਵਿੱਚੋਂ ਵਿਧਾਨ ਸਭਾ ਮੈਂਬਰ ਰਹੇ ਹਨ।
ਕਰਤਾਰਪੁਰ ਸਾਹਿਬ ਦਾ ਲਾਂਘਾ :
ਜਥੇਦਾਰ ਹਰਬੰਸ ਸਿੰਘ ਘੁੰਮਣ ਕਹਿੰਦੇ ਨੇ ਕਿ ਕਰਤਾਰਪੁਰ ਸਾਹਿਬ ਦਾ ਲਾਂਘਾ ਦੁਨੀਆਂ ਦੀ ਸਿਆਸਤ ਅਤੇ ਸੰਸਾਰ ਭਰ ਦੇ ਲਈ ਇੱਕ ਮਿਸਾਲ ਹੈ। ਇਸ ਮਿਸਾਲ ਨੂੰ ਸਹੇਜਣਾ, ਇਸ ਲਾਂਘੇ ਮਾਰਫਤ ਮੁਹੱਬਤੀ ਸਾਂਝਾਂ ਨੂੰ ਹੋਰ ਗੂੜ੍ਹਾ ਕਰਨਾ, ਸਾਡਾ ਸਾਰਿਆਂ ਦਾ ਫ਼ਰਜ਼ ਹੋਣਾ ਚਾਹੀਦਾ ਹੈ। ਜੇ ਅਸੀਂ ਗੁਰੂ ਨਾਨਕ ਦੇਵ ਜੀ ਨੂੰ ਮੁਹੱਬਤ ਕਰਦੇ ਹਾਂ ।
ਜਿਵੇਂ ਉਹਨਾਂ ਕਿਹਾ :- ਜਥੇਦਾਰ ਹਰਬੰਸ ਸਿੰਘ ਘੁੰਮਣ
"72 ਸਾਲਾਂ ਦੀ ਵੰਡ ਤੋਂ ਬਾਅਦ ਵੀ ਬਜ਼ੁਰਗਾਂ ਦੀ ਜ਼ੁਬਾਨ ਤੇ ਸਾਂਝੇ ਪੰਜਾਬ ਦੀਆਂ ਗਾਥਾਵਾਂ ਹਨ। ਵਿਛੜੇ ਗੁਰਧਾਮਾਂ ਦੇ ਖੁੱਲ੍ਹੇ ਦਰਸ਼ਨ ਦੀਦਾਰਿਆਂ ਦੀ ਅਰਦਾਸ ਹੈ। ਕਿੰਨੇ ਹੀ ਬਜ਼ੁਰਗ ਆਪਣੀ ਖੁੱਸੀ ਹੋਈ ਧਰਤੀ ਦੀਆਂ ਗੱਲਾਂ ਕਰਦੇ ਕਰਦੇ ਰੱਬ ਨੂੰ ਪਿਆਰੇ ਹੋ ਗਏ। ਮੁਹੱਬਤੀ ਸਾਂਝਾਂ ਦੀਆਂ ਇਹ ਗੱਲਾਂ ਕਿਸੇ ਵੀ ਸਿਆਸਤ ਤੋਂ ਪਾਰ ਦੀਆਂ ਗੱਲਾਂ ਹਨ। ਅੰਮ੍ਰਿਤਸਰ ਤੋਂ ਗੁਰਦਾਸਪੁਰ ਨੂੰ ਜਾਈਏ ਤੇ ਬਟਾਲਾ ਟੱਪ ਕੇ ਖੱਬੇ ਪਾਸੇ ਇੱਕ ਪਿੰਡ ਆਉਂਦਾ ਹੈ ਵੱਡੇ ਘੁੰਮਣਾ। ਕਾਗਜ਼ਾਂ ਵਿੱਚ ਇਸ ਪਿੰਡ ਨੂੰ ਘੁੰਮਣ ਕਲਾਂ ਕਹਿੰਦੇ ਹਨ। ਵੰਡ ਤੋਂ ਬਾਅਦ ਇਸ ਇਲਾਕੇ ਵਿੱਚ ਦੋ ਵੱਡੇ ਅਕਾਲੀ ਆਗੂਆਂ ਦਾ ਜ਼ਿਕਰ ਆਉਂਦਾ ਹੈ। ਇੱਕ ਜ਼ਿਕਰ ਹੈ ਜਥੇਦਾਰ ਮੂਲਾ ਸਿੰਘ ਦਾ, ਜਿਹੜੇ ਵੰਡ ਤੋਂ ਬਾਅਦ ਲਾਇਲਪੁਰ ਦੇ ਪਿੰਡ ਚੱਕ 70 ਤੋਂ ਆਏ ਅਤੇ ਆਪਣੇ ਸਾਰੇ ਪਿੰਡ ਵਾਸੀਆਂ ਨੂੰ ਪਿੰਡ ਸਤਕੋਹੇ ਲਿਆਕੇ ਵਸਾਇਆ। ਪਿੰਡ ਸਤਕੋਹੇ ਦੇ ਦੂਜੇ ਪਾਸੇ ਜਾਂਦੀ ਸੜਕ 'ਤੇ ਪਿੰਡ ਘੁੰਮਣ ਕਲਾਂ ਤੋਂ ਦੂਜੇ ਸਨ।"
~ ਹਰਪ੍ਰੀਤ ਸਿੰਘ ਕਾਹਲੋਂ
ਫੋਟੋ : ਮੁਲਾਕਾਤ ਤੋਂ ਬਾਅਦ ਖਿੱਚੀ
ਉਸ ਦਿਨ ਬਾਪੂ ਜੀ ਨੇ ਪੰਚ ਘੰਟੇ ਖੁੱਲ੍ਹੀਆਂ ਗੱਲਾਂ ਬਾਤਾਂ ਕੀਤੀਆਂ ਸਨ
*ਨੋਟ - ਬਾਪੂ ਜੀ ਫਰਵਰੀ 2 ਨੂੰ 99 ਸਾਲ ਦੀ ਉਮਰ ਭੋਗ ਗੁਰੂ ਨੂੰ ਪਿਆਰੇ ਹੋ ਗਏ ਹਨ
Comments